Golden Temple ਸ਼੍ਰੀ ਹਰਿਮੰਦਰ ਸਾਹਿਬ 7.29

Golden Temple
Amritsar, 143001
India

About Golden Temple ਸ਼੍ਰੀ ਹਰਿਮੰਦਰ ਸਾਹਿਬ

Golden Temple  ਸ਼੍ਰੀ ਹਰਿਮੰਦਰ ਸਾਹਿਬ Golden Temple ਸ਼੍ਰੀ ਹਰਿਮੰਦਰ ਸਾਹਿਬ is a well known place listed as Education in Amritsar , Sikh Temple in Amritsar ,

Contact Details & Working Hours

Details

ਸ੍ਰੀ ਹਰਿਮੰਦਰ ਸਾਹਿਬ ਜਿਸ ਨੂੰ ਇਸ ਦੀ ਸਜੀਵ ਸੁੰਦਰਤਾ ਅਤੇ ਇਸ ਉੱਪਰ ਸੋਨੇ ਦੀ ਝਾਲ ਦੇ ਕਾਰਨ ਅੰਗਰੇਜ਼ੀ ਬੋਲਣ ਵਾਲਿਆਂ ਵਿਚ ਇਹ ਗੋਲਡਨ ਟੈਂਪਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਦੁਨੀਆਂ ਵਿਚ ਆਪਣੀ ਵਿਲੱਖਣ ਥਾਂ ਰੱਖਦਾ ਹੈ। ਇਹ ਨਾਂ ‘ਹਰਿਮੰਦਰ ਸਾਹਿਬ’ ਹਰੀ/ਪਰਮਾਤਮਾ ਦੇ ਨਾਂ ‘ਤੇ ਹੈ।ਸਾਰੀ ਦੁਨੀਆਂ ਵਿਚ ਸਿੱਖ ਰੋਜ਼ ਹੀ ਆਪਣੀ ਅਰਦਾਸ ਵਿਚ ਸ੍ਰੀ ਅੰਮ੍ਰਿਤਸਰ ਆਉਣ ਅਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸ਼ਰਧਾ-ਸਤਿਕਾਰ ਅਦਾ ਕਰਨ ਦੀ ਲੋਚਾ ਕਰਦਾ ਹੈ।

ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਵਾਸਤੇ ਇਕ ਕੇਂਦਰੀ ਪੂਜਾ ਅਸਥਾਨ ਰਚਣ ਦਾ ਖਿਆਲ ਆਇਆ ਤੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਨਿਰਮਾਣਕਾਰੀ ਦਾ ਖਾਕਾ ਖੁਦ ਬਣਾਇਆ। ਪੂਰਬਲੇ ਸਮੇਂ ਤੀਸਰੇ ਗੁਰੂ, ਗੁਰੂ ਅਮਰਦਾਸ ਜੀ ਨੇ ਪਵਿੱਤਰ ਸਰੋਵਰ ‘ਅੰਮ੍ਰਿਤਸਰ’ ਜਾਂ ‘ਅੰਮ੍ਰਿਤ ਸਰੋਵਰ, ਨੂੰ ਖੁਦਵਾਉਣ ਦੀ ਯੋਜਨਾ ਬਣਾਈ ਸੀ, ਅਤੇ ਇਸਨੂੰ ਗੁਰੂ ਰਾਮਦਾਸ ਸਾਹਿਬ ਦੁਆਰਾ ਬਾਬਾ ਬੁੱਢਾ ਜੀ ਦੀ ਨਿਗਰਾਨੀ ਵਿਚ ਖੁਦਵਾਇਆ ਗਿਆ ਸੀ। ਸਥਾਨ ਵਾਸਤੇ ਜ਼ਮੀਨ ਪੂਰਬਲੇ ਗੁਰੂ ਸਾਹਿਬਾਨ ਦੁਆਰਾ ਸਥਾਨਕ ਪਿੰਡਾਂ ਦੇ ਜਿੰਮੀਦਾਰਾਂ ਤੋਂ ਨਕਦ ਅਦਾਇਗੀ ਨਾਲ ਪ੍ਰਾਪਤ ਕਰ ਲਈ ਗਈ ਸੀ। ਇਕ ਨਗਰ ਵਸਾਉਣ ਦੀ ਯੋਜਨਾ ਵੀ ਬਣਾਈ ਗਈ। ਇਸ ਲਈ 1570 ਈ: ਵਿਚ ਸਰੋਵਰ ਅਤੇ ਨਗਰ ‘ਤੇ ਕਾਰਜ ਨਾਲ-ਨਾਲ ਸ਼ੁਰੂ ਹੋਇਆ। ਦੋਨਾਂ ‘ਤੇ ਕਾਰਜ 1577 ਈ: ‘ਚ ਪੂਰਾ ਹੋਇਆ।

ਗੁਰੂ ਅਰਜਨ ਸਾਹਿਬ ਨੇ ਇਸ ਦੀ ਨੀਂਹ 1 ਮਾਘ 1645 ਬਿਕਰਮੀ ਸੰਮਤ (ਦਸੰਬਰ 1588) ‘ਚ ਮੁਸਲਮਾਨ ਫਕੀਰ ਹਜ਼ਰਤ ਮੀਆਂ ਮੀਰ ਜੀ ਤੋਂ ਰਖਵਾਈ ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ। ਰਚਨਾ-ਕਾਰਜ ਗੁਰੂ ਅਰਜਨ ਸਾਹਿਬ ਦੀ ਪ੍ਰਤੱਖ ਰੂਪ ‘ਚ ਕੀਤੀ ਨਿਗਰਾਨੀ ‘ਚ ਹੋਇਆ ਅਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲ੍ਹੋ ਜੀ (ਸਾਰੀਆਂ ਪ੍ਰਸਿੱਧ ਸਿੱਖ ਸ਼ਖਸ਼ੀਅਤਾਂ) ਅਤੇ ਇਸ ਪਵਿੱਤਰ ਕਾਰਜ ਵਿਚ ਕਈ ਹੋਰ ਸਮਰਪਿਤ ਸਿੱਖਾਂ ਦੁਆਰਾ ਵੀ ਮਦਦ ਕੀਤੀ ਗਈ।

ਹਿੰਦੂ ਮੰਦਰ ਉਸਾਰੀ ਕਲਾ ਅਨੁਸਾਰ ਉਸਾਰੀ ਨੂੰ ਜ਼ਮੀਨ ਤੋਂ ਉੱਚਾ ਉਸਾਰਣ ਦੀ ਰੀਤ ਤੋਂ ਵੱਖਰਾ ਰਸਤਾ ਅਪਨਾਉਂਦਿਆਂ ਗੁਰੂ ਅਰਜਨ ਸਾਹਿਬ ਨੇ ਇਸਨੂੰ ਹੇਠਲੀ ਸਤਹ ‘ਤੇ ਰੱਖਕੇ ਬਣਾਇਆ। ਹਿੰਦੂ ਮੰਦਰਾਂ ਅੰਦਰ ਆਉਣ-ਜਾਣ ਵਾਸਤੇ ਜਿਥੇ ਇਕੋ ਦਰਵਾਜ਼ਾ ਹੁੰਦਾ ਹੈ, ਉਥੇ ਗੁਰੂ ਸਾਹਿਬਾਨ ਨੇ ਇਸਨੂੰ ਚਾਰੇ ਪਾਸਿਓ ਖੁੱਲ੍ਹਾ ਰੱਖਿਆ। ਇਉਂ ਆਪ ਜੀ ਨੇ ਸਿੱਖ ਧਰਮ ਦਾ ਇਕ ਨਵਾਂ ਚਿੰਨ੍ਹ ਰਚ ਦਿੱਤਾ। ਗੁਰੂ ਸਾਹਿਬ ਨੇ ਇਸ ਵਿਚ ਜਾਤ, ਨਸਲ, ਲਿੰਗ ਅਤੇ ਮਜ੍ਹਬ ਦੇ ਵਿਤਕਰੇ ਤੋਂ ਬਿਨਾਂ ਹਰੇਕ ਮਨੁੱਖ ਦੇ ਦਾਖਲ ਹੋਣ ਵਾਸਤੇ ਵਿਵਸਥਾ ਕੀਤੀ।

ਭਵਨ ਉਸਾਰੀ ਦਾ ਕਾਰਜ ਭਾਦਰੋਂ ਸੁਦੀ 1,1661 ਬਿਕਰਮੀ ਸੰਮਤ (ਅਗਸਤ/ਸਤੰਬਰ, 1604) ‘ਚ ਪੂਰਾ ਹੋਇਆ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਿਰਾਜਮਾਨ ਕੀਤਾ ਅਤੇ ਇਸ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਇਸ ਅਸਥਾਨ ਨੇ ਅਠਸਠ ਤੀਰਥ ਦਾ ਰੁਤਬਾ ਹਾਸਲ ਕੀਤਾ।

ਸ੍ਰੀ ਹਰਿਮੰਦਰ ਸਾਹਿਬ ਨੂੰ ਸਰੋਵਰ ਦੇ ਵਿਚਕਾਰ 67 ਫੁੱਟ ਵਰਗਾਕਾਰ ਮੰਚ ‘ਤੇ ਬਣਾਇਆ ਗਿਆ ਹੈ। ਇਹ ਆਪਣੇ ਆਪ ਵਿਚ 40.5 ਫੁੱਟ ਵਰਗਾਕਾਰ ਹੈ ਅਤੇ ਇਸ ਦੀਆਂ ਪੂਰਬ, ਪੱਛਮ, ਉੱਤਰ ਅਤੇ ਦੱਖਣ ਦਿਸ਼ਾਵਾਂ ਵਿਚ ਇਕ ਇਕ ਦਰਵਾਜਾ ਹੈ। ਦਰਸ਼ਨੀ ਡਿਊੜੀ ਇਕ ਚਾਪ ਦੀ ਸ਼ਕਲ ‘ਚ ਕੇਂਦਰ ਅਸਥਾਨ ਨੂੰ ਲਿਜਾਣ ਵਾਲੇ ਪੁਲ ਦੇ ਕੰਢੇ ਸਥਿਤ ਹੈ। ਇਸਦੇ ਦਰਵਾਜੇ ਦੀ ਬਣਤਰ ਲੱਗਭਗ 10 ਫੁੱਟ ਉੱਚੀ ਅਤੇ 8 ਫੁੱਟ ਛੇ ਇੰਚ ਚੌੜੀ ਹੈ। ਦਰਵਾਜੇ ਦੇ ਚੌਖਟੇ ਮਨਮੋਹਣੇ ਢੰਗ ਨਾਲ ਸਜੇ ਹੋਏੇ ਹਨ।

ਦਰਸ਼ਨੀ ਡਿਊੜੀ ਅਤੇ ਸ੍ਰੀ ਹਰਿਮੰਦਰ ਸਾਹਿਬ ਦਰਮਿਆਨ ਬਣੇ ਪੁਲ ਦੀ ਲੰਬਾਈ 202 ਫੁੱਟ ਅਤੇ ਚੌੜਾਈ 21 ਫੁੱਟ ਹੈ। ਇਹ ਪੁਲ 13 ਫੁੱਟ ਚੌੜੀ ਪਰਦੱਖਣਾ (ਪਰਿਕਰਮਾ ਮਾਰਗ) ਨਾਲ ਜੁੜਿਆ ਹੋਇਆ ਹੈ, ਜੋ ਮੁੱਖ ਅਸਥਾਨ ਦੇ ਆਲੇ-ਦਵਾਲੇ ਜਾਂਦੀ ਹੈ ਅਤੇ ‘ਹਰਿ ਕੀ ਪਉੜੀ’ ਨਾਲ ਵੀ ਜੋੜਦੀ ਹੈ। ਹਰਿ ਕੀ ਪਉੜੀ ਦੀ ਪਹਿਲੀ ਮੰਜ਼ਲ ‘ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਲਗਾਤਾਰ ਹੁੰਦਾ ਰਹਿੰਦਾ ਹੈ।

ਸ੍ਰੀ ਹਰਿਮੰਦਰ ਸਾਹਿਬ ਦੀ ਸੰਰਚਨਾ ਤਕਨੀਕੀ ਰੂਪ ‘ਚ ਤਿੰਨ-ਮੰਜ਼ਲੀ ਹੈ। ਪੁਲ ਦੇ ਸਾਹਮਣੇ ਵਾਲਾ ਮੱਥਾ ਚਾਪਾਂ ਨੂੰ ਮਿਲਾ ਕੇ ਵਧੀਆ ਸਜਾਇਆ ਹੋਇਆ ਹੈ ਅਤੇ ਪਹਿਲੀ ਮੰਜ਼ਲ ਦੀ ਛੱਤ 26 ਫੁੱਟ ਅਤੇ 9 ਇੰਚ ਉਚਾਈ ‘ਤੇ ਹੈ।

ਇਸਦੀ ਛੇ ਕੋਨੀ ਛੱਤ ਦੇ ਸਿਖਰ ‘ਤੇ ਸਾਰੇ ਪਾਸੇ ਗੁੰਬਦਾਂ ਵਾਲੇ ਬਨੇਰੇ ਬਣੇ ਹੋਏ ਹਨ। ਇਸਦੇ ਚਹੁੰ ਕੋਨਿਆਂ ‘ਤੇ ਚਾਰ ‘ਮਮਟੀਆਂ’ ਵੀ ਸਥਿਤ ਹਨ। ਕੇਂਦਰੀ ਹਾਲ ਦੇ ਸਿਖਰ ਉੱਤੇ ਇਕ ਸ਼ਾਨਦਾਰ ਕਮਰਾ ਬਣਿਆ ਹੋਇਆ ਹੈ। ਇਹ ਇਕ ਛੋਟਾ ਵਰਗਾਕਾਰ ਕਮਰਾ ਹੈ ਅਤੇ ਇਹਦੇ ਤਿੰਨ ਦਰਵਾਜੇ ਹਨ। ਇਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਨੇਮ ਨਾਲ ਹੁੰਦਾ ਰਹਿੰਦਾ ਹੈ। ਇਸਦੇ ਪਿਛਲੇ ਪਾਸੇ ਨਿਸ਼ਾਨ ਸਾਹਿਬ ਸੁਸ਼ੋਬਿਤ ਹੈ। ਇਸ ਕਮਰੇ ਦੇ ਉੱਪਰ ਇਕ ਗੁੰਬਦ ਬਣਿਆ ਹੋਇਆ ਹੈ ਜਿਸ ਦੇ ਹੇਠਲੇ ਆਧਾਰ ‘ਤੇ ਕਮਲ ਦੇ ਫੁੱਲ ਵਰਗੀਆਂ ਪੰਖੜੀਆਂ ਦਿਸਦੀਆਂ ਹਨ। ਉਸ ਉੱਪਰ ਸੁੰਦਰ ਛਤਰੀ ਵਾਲਾ ਕਲਸ਼ ਸੁਸ਼ੋਬਿਤ ਹੈ।

ਇਸ ਦੀ ਉਸਾਰੀ ਕਲਾ ਮੁਸਲਮਾਨੀ ਅਤੇ ਹਿੰਦੂ ਭਵਨ ਕਲਾਵਾਂ ਦਾ ਇਕ ਅਦੁੱਤੀ ਸੁਮੇਲ ਪੇਸ਼ ਕਰਦੀ ਹੈ। ਇਹ ਦੁਨੀਆਂ ਭਰ ਦੀਆਂ ਭਵਨ ਕਲਾਵਾਂ ਦੇ ਸਭ ਤੋਂ ਚੰਗੇ ਨਮੂਨੇ ਵਜੋਂ ਮੰਨਿਆ ਜਾਂਦਾ ਹੈ। ਅਕਸਰ ਆਖਿਆ ਜਾਂਦਾ ਹੈ ਕਿ ਇਸ ਉਸਾਰੀ ਨੇ ਭਾਰਤ ਦੇ ਅੰਦਰ ਭਵਨ ਕਲਾ ਦੇ ਇਤਿਹਾਸ ‘ਚ ਉਸਾਰੀ ਕਲਾ ਦਾ ਇਕ ਆਜ਼ਾਦ ਸਕੂਲ ਰਚ ਦਿੱਤਾ ਹੈ।ਇਹ ਸਿੱਖ ਕੌਮ ਦਾ ਕੇਂਦਰੀ ਧਰਮ ਅਸਥਾਨ ਹੈ।

—————————————————————————————————————————

ਅਫ਼ਗਾਨੀਆਂ ਅਤੇ ਹੋਰ ਹਮਲਾਵਰਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਕਈ ਵਾਰੀ ਹਮਲੇ ਕੀਤੇ ਗਏ ਅਤੇ ਇਸ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ। ਹਰ ਵਾਰੀ ਇਸਨੂੰ ਮੁਕਤ ਕਰਾਉਣ ਅਤੇ ਇਸ ਦੀ ਪਵਿੱਤਰਤਾ ਨੂੰ ਮੁੜ ਕੇ ਬਹਾਲ ਕਰਨ ਵਾਸਤੇ ਸਿੱਖਾਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ। ਸੰਨ 1737 ਵਿਚ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਮਗਰੋਂ 1740 ਈ: ‘ਚ ਅੰਮ੍ਰਿਤਸਰ ਦੇ ਕੋਤਵਾਲ ਮੱਸੇ ਰੰਘੜ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਨਜ਼ਾਇਜ ਕਬਜ਼ਾ ਕਰ ਲਿਆ ਅਤੇ ਇਸਨੂੰ ਸ਼ਹਿਰ ਦੀ ਕਚਿਹਰੀ ਵਿਚ ਬਦਲ ਦਿੱਤਾ ਅਤੇ ਇਥੇ ਉਹ ਮੁਜਰੇ ਕਰਾਉਣ ਲੱਗਾ। ਇਸ ਬੁਰੇ ਕਾਰੇ ਨੇ ਸਿੱਖਾਂ ‘ਚ ਬਹੁਤ ਵੱਡਾ ਰੋਸ ਪੈਦਾ ਕਰ ਦਿੱਤਾ। ਦੋ ਸੂਰਮਿਆਂ, ਸ. ਸੁੱਖਾ ਸਿੰਘ ਅਤੇ ਸ. ਮਹਿਤਾਬ ਸਿੰਘ ਨੇ ਇਕ ਜੁਅਰਤ ਭਰੇ ਕਾਰਨਾਮੇ ਨੂੰ ਸਰ ਅੰਜਾਮ ਦਿੱਤਾ ਤੇ ਇਸਤਰ੍ਹਾਂ ਇਹਦਾ ਬਦਲਾ ਲਿਆ। ਉਹ ਸ੍ਰੀ ਹਰਿਮੰਦਰ ਸਾਹਿਬ ਅੰਦਰ ਕਿਸਾਨਾਂ ਦੇ ਭੇਸ ‘ਚ ਦਾਖਲ ਹੋਏ, ਕਿਰਪਾਨ ਦੇ ਇਕੋ ਵਾਰ ਨਾਲ ਮੱਸੇ ਰੰਘੜ ਦਾ ਸਿਰ ਵੱਖ ਕਰ ਦਿੱਤਾ ਅਤੇ ਵੱਢੇ ਸਿਰ ਨੂੰ ਨੇਜੇ ਦੀ ਚੁੰਝ ‘ਤੇ ਟੰਗ ਕੇ ਲੈ ਗਏ! ਇਸ ਘਟਨਾ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਰਕਾਰੀ ਪਹਿਰਾ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜੰਦਰੇ ਮਾਰ ਦਿੱਤੇ ਗਏ।

ਹੁਣ ਵਾਰੀ ਆਈ ਲਾਹੌਰ ਦੇ ਇਕ ਹਿੰਦੂ ਦੀਵਾਨ ਲਖਪਤ ਰਾਏ ਦੀ ਜਿਹਨੇ ਕਿ ਸਿੱਖ ਕੌਮ ਨੂੰ ਮੂਲੋਂ ਹੀ ਖਤਮ ਕਰ ਦੇਣ ਦੀ ਸਹੁੰ ਖਾਧੀ ਹੋਈ ਸੀ। ਆਪਣੇ ਭਰਾ ਜਸਪਤ ਰਾਏ ਦੀ ਮੌਤ ਦਾ ਬਦਲਾ ਲੇਣ ਵਾਸਤੇ ਉਹਨੇ 1746 ਵਿਚ ਸਰੋਵਰ ਨੂੰ ਦੂਸ਼ਿਤ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ। ਉਹਨੇ ਤਾਂ ‘ਗੁਰੂ’ ਨਾਂ ਲੈਣ ‘ਤੇ ਵੀ ਪਾਬੰਦੀ ਲਾ ਦਿੱਤੀ ਸੀ। ਦੀਵਾਨ ਲਖਪਤ ਰਾਏ ਅਤੇ ਯਾਹੀਆ ਖਾਨ ਦੀ ਕਮਾਂਡ ਥੱਲੇ ਮੁਗ਼ਲ ਫੌਜਾਂ ਨੇ ਸਿੱਖਾਂ ਖਿਲਾਫ ਮਾਰਚ ਕੀਤਾ। ਇਸ ਲਹੂ-ਡੋਲ੍ਹਵੀਂ ਲੜਾਈ ਵਿਚ (ਪਹਿਲਾ ਘੱਲੂਘਾਰਾ, ਜੂਨ 1746) ਇਸ ਵਿਚ ਕਰੀਬ ਸੱਤ ਹਜ਼ਾਰ ਸਿੱਖ ਸ਼ਹੀਦ ਹੋਏ। ਉਨ੍ਹਾਂ ‘ਚੋ ਤਿੰਨ ਹਜ਼ਾਰ ਨੂੰ ਲਾਹੌਰ ‘ਚ ਸਭ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਉਹ ਅਸਥਾਨ ਹੁਣ ਸ਼ਹੀਦਗੰਜ ਅਖਵਾਉਂਦਾ ਹੈ।

ਇਸ ਘੱਲੂਘਾਰੇ ਦਾ ਬਦਲਾ ਸਿੱਖਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਾਬਲ ਅਗਵਾਈ ‘ਚ ਲਿਆ ਅਤੇ ਮਾਰਚ 1748 ‘ਚ ਸਲਾਮਤ ਖਾਂ ਨੂੰ ਮਾਰ ਕੇ ਸ੍ਰੀ ਹਰਿਮੰਦਰ ਸਾਹਿਬ ‘ਤੇ ਮੁੜ ਤੋਂ ਆਪਣੀ ਸੇਵਾ-ਸੰਭਾਲ ਸ਼ੁਰੂ ਕੀਤੀ। ਉਨ੍ਹਾਂ ਨੇ ਪਵਿੱਤਰ ਸਰੋਵਰ ਦੀ ਸਫ਼ਾਈ ਕਰਕੇ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਰੋਜ਼ਾਨਾ ਦੀ ਮਰਯਾਦਾ ਮੁੜ ਬਹਾਲ ਕਰਦਿਆਂ, ਉਸੇ ਸਾਲ ਵਿਸਾਖੀ ਵੱਡੇ ਉਤਸ਼ਾਹ ਨਾਲ ਮਨਾਈ ਅਤੇ ਸੰਨ 1748 ਦੀ ਦੀਵਾਲੀ ਵੀ ਉਤਸ਼ਾਹ ਨਾਲ ਮਨਾਈ ਗਈ।

ਸੰਨ 1757 ਵਿਚ ਅਹਿਮਦਸ਼ਾਹ ਅਬਦਾਲੀ ਨੇ ਦੂਸਰੀ ਵਾਰੀ ਚੜ੍ਹਾਈ ਕੀਤੀ ਅਤੇ ਅੰਮ੍ਰਿਤਸਰ ‘ਤੇ ਹੱਲਾ ਕਰ ਦਿੱਤਾ। ਉਸਨੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਡੇਗਿਆ ਅਤੇ ਸਰੋਵਰ ਨੂੰ ਕੂੜ-ਕਬਾੜ ਨਾਲ ਭਰ ਦਿੱਤਾ। ਘੋਰ ਬੇਅਦਬੀ ਦੀ ਇਸ ਖਬਰ ਨੂੰ ਸੁਣ ਕੇ, ਮਿਸਲ ਸ਼ਹੀਦਾਂ ਦੇ ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਬੇਅਦਬੀ ਦਾ ਬਦਲਾ ਲੈਣ ਉਸ ਵੇਲੇ ਤੁਰ ਪਏ। ਇਕ ਲਹੂ-ਡੋਲ੍ਹਵੀਂ ਲੜਾਈ ਅੰਮ੍ਰਿਤਸਰ ਦੇ ਲਾਗੇ ਗੋਹਲਵੜ ਦੇ ਅਸਥਾਨ ‘ਤੇ ਹੋਈ। ਬਾਬਾ ਦੀਪ ਸਿੰਘ ਨੂੰ ਇਕ ਮਾਰੂ ਕੱਟ ਧੋਣ ਉੱਤੇ ਲੱਗਾ ਜਿਸ ਨਾਲ ਉਨ੍ਹਾਂ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਪਰ ਇਸਦੇ ਬਾਵਜੂਦ ਉਹ ਵੈਰੀਆਂ ਨੂੰ ਵੱਢ-ਵੱਢ ਸੁੱਟਦੇ ਅੱਗੇ ਵਧਦੇ ਗਏ। ਇਉਂ ਲੜਦਿਆਂ ਇਹ ਅਦੁੱਤੀ ਯੋਧਾ ਸੂਰਬੀਰ ਪਵਿੱਤਰ ਹਦੂਦ ‘ਚ ਪੁੱਜਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਕਰਨ ਖਾਤਰ ਆਪਣੀ ਜਾਨ ਵਾਰ ਦਿੱਤੀ।

ਕੁੱਪ ਰਹੀੜੇ ਵਿਖੇ ਸਿੱਖਾਂ ਦੇ ਖੌਫਨਾਕ ਘੱਲੂਘਾਰੇ ਮਗਰੋਂ ਅਹਿਮਦਸ਼ਾਹ ਅਬਦਾਲੀ ਨੇ 1762 ਈ: ਦੀ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਹਰਿਮੰਦਰ ਸਾਹਿਬ ‘ਤੇ ਮੁੜ ਕੇ ਚੜ੍ਹਾਈ ਕਰ ਦਿੱਤੀ। ਇਸ ਮੌਕੇ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਹਥਿਆਰਾਂ ਸਮੇਤ ਅਤੇ ਖਾਲੀ ਹੱਥ, ਦੋਨਾਂ ਰੂਪਾਂ ‘ਚ ਦਰਸ਼ਨ-ਇਸ਼ਨਾਨ ਕਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕੱਤਰ ਹੋਏ ਸਨ। ਆਪਣੇ ਪ੍ਰਾਣੋ ਪਿਆਰੇ ਧਰਮ-ਅਸਥਾਨ ਦੀ ਰਖਵਾਲੀ ਹਿਤ ਅਣਗਿਣਤ ਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬਰੂਦ ਨਾਲ ਮੁੜ ਉਡਾ ਦਿੱਤਾ ਗਿਆ ਅਤੇ ਪਵਿੱਤਰ ਸਰੋਵਰ ਨੂੰ ਅਪਵਿੱਤਰ ਕੀਤਾ ਗਿਆ। ਇਹ ਖਿਆਲ ਕੀਤਾ ਜਾਂਦਾ ਕਿ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਤੋਪਾਂ ਨਾਲ ਉਡਾਇਆ ਜਾ ਰਿਹਾ ਸੀ ਤਾਂ ਉੱਡਦੀ ਇੱਟ ਦਾ ਇਕ ਟੋਟਾ ਸ਼ਾਹ ਦੇ ਨੱਕ ‘ਤੇ ਆਣ ਵੱਜਾ। ਇਹ ਜ਼ਖਮ ਉਸ ਦੀ ਜਾਨ ਲੈ ਕੇ ਰਿਹਾ।

1764 ਦੇ ਦਸੰਬਰ ਮਹੀਨੇ ਅਹਿਮਦਸ਼ਾਹ ਅਬਦਾਲੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਸਾਰੀ ਸਿੱਖ ਕੌਮ ਦਾ ਨਾਸ਼ ਕਰ ਦੇਣ ਦੇ ਇਕੋਂ-ਇਕ ਉਦੇਸ਼ ਨਾਲ ਹੱਲਾ ਕੀਤਾ ਗਿਆ। ਪਰ ਉਹਦੇ ਪੁੱਜਣ ਤੋ ਪਹਿਲਾਂ ਸਿੱਖ ਸ਼ਹਿਰ ਛੱਡ ਗਏ ਅਤੇ ਉਹ ਹੈਰਾਨ ਹੋਇਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ‘ਚ ਤਾਂ ਸਿਰਫ ਤੀਹ ਸਿੰਘ ਹੀ ਸਨ ਜਿਨ੍ਹਾਂ ਨੇ ਬਾਬਾ ਗੁਰਬਖ਼ਸ਼ ਸਿੰਘ ਦੀ ਅਗਵਾਈ ‘ਚ ਉਹਦੇ ਨਾਲ ਡੱਟ ਕੇ ਟਾਕਰਾ ਕੀਤਾ ਅਤੇ ਸਾਰੇ ਹੀ ਸ਼ਹੀਦੀਆਂ ਪਾ ਗਏ। ਅਬਦਾਲੀ ਨੇ ਨਵੇਂ ਬਣਾਏ ਗਏ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਫਿਰ ਡੇਗ ਦਿੱਤਾ ਅਤੇ ਪਵਿੱਤਰ ਸਰੋਵਰ ਨੂੰ ਪੂਰ ਕੇ ਧਰਤੀ ਦੇ ਬਰਾਬਰ ਕਰ ਦਿੱਤਾ।

ਸੰਨ 1767 ਵਿਚ ਭਾਰਤ ਤੋਂ ਆਖਰੀ ਵਾਰ ਜਾਣ ਤੋਂ ਪਹਿਲਾਂ ਅਹਿਮਦਸ਼ਾਹ ਨੇ ਅੰਮ੍ਰਿਤਸਰ ‘ਤੇ ਹੱਲਾ ਕਰਨ ਦੀ ਸੋਚੀ ਪਰ ਉਹ ਇਸ ਵਾਰ ਸ੍ਰੀ ਹਰਿਮੰਦਰ ਸਾਹਿਬ ‘ਚ ਦਾਖਲ ਹੋਣ ਦਾ ਹੌਸਲਾ ਵੀ ਨਾ ਕਰ ਸਕਿਆ ਅਤੇ ਇਸ ਮਗਰੋਂ ਇਹ ਸਦਾ ਸਿੱਖਾਂ ਦੀ ਹੀ ਸੇਵਾ-ਸੰਭਾਲ ਵਿਚ ਰਿਹਾ।

ਜੂਨ 1984 ਵਿਚ ਭਾਰਤੀ ਫੌਜ ਦੁਆਰਾ ਨੀਲਾ ਤਾਰਾ ਅਪ੍ਰੇਸ਼ਨ ਅਧੀਨ ਇਸ ‘ਤੇ ਹੱਲਾ ਕੀਤਾ ਗਿਆ ਜਿਸ ਵਿਚ ਸੈਂਕੜੇ ਬੇਕਸੂਰ ਸਿੱਖ ਸ਼ਰਧਾਲੂ ਸ਼ਹੀਦ ਹੋਏ।

ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਪਿੱਛੋਂ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਸਿੱਖਾਂ ਦੁਆਰਾ ਸਮੂਹਿਕ ਰੂਪ ‘ਚ ਕੀਤਾ ਗਿਆ ਅਤੇ ਕਈ ਬੁੰਗਿਆਂ ਦੀ ਰਚਨਾ ਹੋਈ। ਜੋ ਵੀ ਸਿੱਖ ਆਗੂ ਅੰਮ੍ਰਿਤਸਰ ਆਉਂਦੇ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਮਾਮਲਿਆਂ ‘ਚ ਕੋਈ ਦਖਲਅੰਦਾਜ਼ੀ ਨਾ ਕਰਦੇ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਾਰੀਆਂ ਆਮ ਇਕੱਤਰਤਾਵਾਂ (ਦੀਵਾਨ) ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰ ‘ਚ ਹੀ ਹੁੰਦੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ‘ਚ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸ਼ਾਸਨ ਰਾਜ ਦੇ ਪ੍ਰਬੰਧ ‘ਚ ਚਲਾ ਗਿਆ। ਮਹਾਰਾਜੇ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿਕਾਸ ਅਤੇ ਇਸ ਨੂੰ ਸੁਹਣਾ ਬਣਾਉਣ ‘ਚ ਡੂੰਘੀ ਰੁਚੀ ਲਈ।

ਬਰਤਾਨਵੀ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਇਕ ਵਿਅਕਤੀ ‘ਸਰਬਰਾਹ’ ਹੱਥ ਦਿੱਤਾ ਹੋਇਆ ਸੀ। ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਅਖੋਤੀ ਸਿੱਖ ਸਰਦਾਰਾਂ ਅਤੇ ਰਈਸਾਂ ਦੀ ਇਕ ਕਮੇਟੀ ਵੀ ਬਣਾਈ ਹੋਈ ਸੀ। ਪੁਜਾਰੀ, ਭੇਟਾਂ ਆਦਿ ਵਿੱਚੋਂ ਆਪਣਾ ਪੁਸ਼ਤੈਨੀ ਹਿੱਸਾ ਵੰਡਣ ਲੱਗੇ। ਦੂਜੇ ਬੰਨੇ ਸਰਬਰਾਹਾਂ ਦੀ ਲੁਕਵੀਂ ਸ਼ਰਾਰਤ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਹਦੂਦ ਵਿਚ ਗੁਰਮਤਿ-ਵਿਰੋਧੀ ਕਰਮਕਾਂਡ ਹੋਣ ਲੱਗੇ। ਸਿੱਖਾਂ ਵਿਚ ਵੱਡਾ ਰੋਹ ਫੈਲ ਗਿਆ ਅਤੇ ਇਸ ਦਾ ਨਤੀਜਾ ਸੀ ‘ਸਿੱਖ ਗੁਰਦੁਆਰਾ ਸੁਧਾਰ ਲਹਿਰ’। ਹੁਣ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਪਵਿੱਤਰ ਅਸਥਾਨਾਂ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਇਕ ਵਾਰੀ ਮੁੜ ਕੇ ਜਾਨਾਂ ਵਾਰਨੀਆਂ ਪਈਆਂ। ਪੂਜਾ-ਅਸਥਾਨਾਂ ਦੇ ਸੁਧਾਰ ਦੇ ਸੰਘਰਸ਼ ‘ਚ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਮੋਢੀ ਰਿਹਾ।

ਗੁਰਦੁਆਰਾ ਸੁਧਾਰ ਲਹਿਰ ਉਦੋਂ ਸ਼ਾਂਤ ਹੋਈ ਜਦੋਂ ਸਿੱਖ ਗੁਰਦੁਆਰਾ ਕਾਨੂੰਨ, 1925 ਹੋਂਦ ‘ਚ ਆਇਆ ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਸੰਚਾਲਣ ਅਤੇ ਪ੍ਰਬੰਧ ਦਾ ਹੱਕ ਬਾਲਗ ਵੋਟ ਅਧਿਕਾਰ ਦੁਆਰਾ ਚੁਣੇ ਗਏ ਸਿੱਖਾਂ ਦੀ ਪ੍ਰਤੀਨਿਧਤਾ ਵਾਲੇ ਸੰਗਠਨ ਦੇ ਹੱਥਾਂ ਵਿਚ ਸੌਂਪ ਦਿੱਤਾ ਗਿਆ। ਇਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦਿੱਤਾ ਗਿਆ।